Site icon WorldWisdomNews

ਵਰਲਡ ਥਿਏਟਰ ਡੇ: ਦੋ ਦਿਨਾ ਵਿਸ਼ਵ ਰੰਗਮੰਚ ਦਿਵਸ ਸਮਾਗਮ ਦਾ ਆਗਾਜ਼

ਚੰਡੀਗੜ੍ਹ

26 ਮਾਰਚ 2017

ਦਿਵਯਾ ਆਜ਼ਾਦ

ਵਿਸ਼ਵ ਰੰਗਮੰਚ ਦਿਵਸ ਦੇ ਅਵਸਰ ’ਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਸੁਚੇਤਕ ਰੰਗਮੰਚ ਮੋਹਾਲੀ ਤੇ ਟਰਾਈ ਸਿਟੀ ਤਮਾਮ ਥੀਏਟਰ ਗਰੁੱਪਾਂ ਵੱਲੋਂ ਸਾਂਝੇ ਤੌਰ ’ਤੇ ਮਨਾਏ ਜਾ ਰਹੇ ਦੋ ਦਿਨਾ ਸਮਾਗਮ ਦਾ ਆਗ਼ਾਜ਼ ਪ੍ਰਸਿੱਧ ਨਾਟਕਕਾਰ ਡਾ. ਆਤਮਜੀਤ ਦੇ ਤਾਜ਼ਾ ਨਾਟਕ ‘ਮੁੜ ਆ ਲਾਮਾਂ ਤੋਂ’ ਦੇ ਨਾਟਕ ਪਾਠ ਨਾਲ਼ ਹੋਇਆ। ਪੰਜਾਬ ਕਲਾ ਭਵਨ ਦੇ ਰੰਧਾਵਾ ਆਡੀਟੋਰੀਅਮ ਦੇ ਵਿੱਚ ਡਾ, ਆਤਮਜੀਤ ਨੇ ਆਪਣੇ ਥੀਏਟਰੀਕਲ ਅੰਦਾਜ਼ ਵਿੱਚ ਨਾਟਕ ਪਾਠ ਕਰਦੇ ਹੋਏ ਵਿਸ਼ਵ ਯੁੱਧ ਦੇ ਹਾਲਾਤ ਦਰਸ਼ਕਾਂ ਦੇ ਦਿਲੋ-ਦਿਮਾਗ਼ ਅੰਦਰ ਸਾਕਾਰ ਕਰ ਦਿੱਤੇ। ਇਹ ਨਾਟਕ ਇਸਤਰੀ ਜਾਤੀ ਦੀ ਮਾਨਵੀ ਸੰਵੇਦਨਾ ਦੇ ਹਵਾਲੇ ਨਾਲ਼ ਰਾਸ਼ਟਰੀ ਸ਼ਾਵਨਿਜ਼ਮ ਤਹਿਤ ਲੜੀਆਂ ਜਾਂਦੀਆਂ ਜੰਗਾਂ ਦੀ ਨਿਰਾਰਥਕਤਾ ਦਾ ਸਵਾਲ ਉਠਾਉਂਦਾ ਹੈ, ਜਿਨ੍ਹਾਂ ਵਿੱਚ ਅਵਾਮੀ ਪੀੜਾ ਹੁਕਮਰਾਨ ਜਮਾਤਾਂ ਤੇ ਸੌੜੇ ਸਾਮਰਾਜੀ ਹਿੱਤਾਂ ਦੇ ਸਾਹਮਣੇ ਬੇਅਰਥ ਤਸਲੀਮ ਕੀਤੀ ਜਾਂਦੀ ਹੈ।

ਸੰਗੀਤ ਨਾਟਕ ਅਕਾਦਮੀ ਤੇ ਸਾਹਿਤ ਅਕਾਦਮੀ ਸਨਮਾਨ ਹਾਸਿਲ ਕਰ ਚੁੱਕੇ ਆਤਮਜੀਤ ਮਾਨਵੀ ਸੰਵੇਦਨਾ ਦੇ ਸਮਾਨਅੰਤਰ ਸਸ਼ਕਤ ਸਿਆਸੀ-ਸਮਾਜੀ ਨਾਟਕਕਾਰੀ ਲਈ ਜਾਣੇ ਜਾਂਦੇ ਹਨ, ਜਿਨ੍ਹਾਂ ਦੇ ਧੁਰ ਭਾਰਤ ਦੀ ਸਦੀਆਂ ਪੁਰਾਣੀ ਸਾਂਝੀ ਸੱਭਿਆਚਰਕ ਵਿਰਾਸਤ ਹਮੇਸ਼ਾ ਅਹਿਮ ਤੱਤ ਵਜੋਂ ਹਾਜ਼ਰ ਰਹਿੰਦੀ ਹੈ। ਇਸ ਵਿਚਾਰਧਾਰਕ ਸੋਝੀ ਸਦਕਾ ਹੀ ਉਨ੍ਹਾਂ ਨੇ ਬੀਤੇ ਦਿਨੀਂ ਹਕੂਮਤੀ ਅਸਹਿਣਸ਼ੀਲਤਾ ਦੇ ਵਿਰੋਧ ਵਿੱਚ ਆਪਣਾ ਸਨਮਾਨ ਵਾਪਸ ਕਰ ਦਿੱਤਾ ਸੀ। ਇਹ ਨਾਟਕ ਵਿਸ਼ਵ ਜੰਗਾਂ ਦੌਰਾਨ ਵਾਪਰੇ ਤੇ ਲੋਕ ਮਨਾਂ ਵਿੱਚੋਂ ਵਿਸਰ ਚੁੱਕੇ ਇਤਿਹਾਸਕ ਹਾਲਾਤ ਨੂੰ ਸਾਕਾਰ ਕਰਦਾ ਹੈ, ਜਦੋਂ ਹਰ ਪੱਖ ਤੋਂ ਮਾਨਵ ਵਿਰੋਧੀ ਹਾਲਾਤ ਵਿੱਚ ਵੀ ਮਨੁੱਖਤਾ ਆਪਣੀ ਹੋਂਦ ਬਚਾਈ ਰੱਖਦੀ ਹੈ। ਇਸ ਤਰ੍ਹਾਂ ਨਾਟਕ ਸਮਾਜਕ ਕਦਰਾਂ-ਕੀਮਤਾਂ ਵਿੱਚ ਗੁੰਨੀਆਂ ਭਾਵਨਾਵਾਂ ’ਤੇ ਸਵਾਰ ਹੋਣ ਵਾਲੇ ਫੋਕੇ ਰਾਸ਼ਟਰਵਾਦ ਦੀ ਸਮੀਖਿਆ ਕਰਦਾ ਹੈ, ਜੋ ਵਕਤ-ਬ-ਵਕਤ ਦੇਸ਼ਭਗਤੀ ਦੀ ਸ਼ਕਲ ਅਖ਼ਤਿਆਰ ਕਰ ਜਾਂਦਾ ਹੈ।

ਇਹ ਨਾਟਕ ਢੇਰ ਸਾਰੇ ਭਾਰਤੀ ਤੇ ਯੂਰਪੀਅਨ ਕਿਰਦਾਰਾਂ ਸਦਕਾ ਮੁਕੰਮਲ ਹੁੰਦਾ ਹੈ, ਜਿਨ੍ਹਾਂ ਦੇ ਦਿਲੋ-ਦਿਮਾਗ਼ ਦੀ ਗਹਿਰਾਈ ਨਾਟਕ ਪਾਠ ਵਿੱਚ ਨਜ਼ਰ ਆ ਰਹੀ ਸੀ। ਨਾਟਕ ਦਰਸਾਉਂਦਾ ਹੈ ਕਿ ਵਿਸ਼ਵ ਜੰਗ ਵਿੱਚ ਜਿਸਮਾਨੀ ਸ਼ਮੂਲੀਅਤ ਕਰਦੇ ਸੈਨਿਕਾਂ ਦੇ ਧੁਰ ਅੰਦਰ ਵੀ ਯੁੱਧ ਚਲਦਾ ਹੈ। ਇਸ ਜੰਗ ਵਿੱਚ ਸ਼ਾਮਲ ਭਾਰਤੀ ਹਿੰਦੂ, ਸਿੱਖ ਤੇ ਮੁਸਲਮਾਨ, ਜੋ ਅਜੋਕੇ ਦੌਰ ਵਿੱਚ ਪੰਜਾਬੀ, ਹਿਮਾਚਲੀ ਤੇ ਹਰਿਆਣਵੀ ਪਛਾਣ ਰੱਖਦੇ ਹਨ, ਮਨੁੱਖਤਾ ਵਿਰੋਧੀ ਜੰਗ ਦੇ ਸ਼ਿਕਾਰ ਹੋ ਰਹੇ ਸਨ। ਇਸ ਸੱਚ ਨੂੰ ਨਾਟਕਕਾਰ ਔਰਤ ਦੇ ਨਜ਼ਰੀਏ ਤਹਿਤ ਜ਼ਾਹਰ ਕਰਦਾ ਹੈ, ਜੋ ਅਕਸਰ ਕੌਮਾਂ ਜਾਂ ਦੇਸਾਂ ਦੇ ਮਰਦਵਾਦੀ ਭੇੜ ਦੀ ਸ਼ਿਕਾਰ ਹੁੰਦੀ ਹੈ। ਡਾ. ਆਤਮਜੀਤ, ਜੋ ਥੀਏਰਟੀਕਲ ਨਾਟਕੀ ਪਾਠ ਲਈ ਜਾਣੇ ਜਾਂਦੇ ਹਨ, ਆਪਣੀ ਆਵਾਜ਼ ਤੇ ਹਾਵ-ਭਾਵ ਸਦਕਾ ਨਾਟਕੀ ਸੀਨ ਪੈਦਾ ਕਰਨ ਦੀ ਮੁਹਾਰਤ ਰੱਖਦੇ ਹਨ। ਉਨ੍ਹਾਂ ਦੀ ਸੰਵਾਦ ਅਦਾਇਗੀ ਰੰਗਮੰਚੀ ਸੰਭਾਵਨਾਵਾਂ ਨੂੰ ਪੂਰੀ ਤਰ੍ਹਾਂ ਉਭਾਰ ਦਿੰਦੀ ਹੈ। ਇਹ ਤੋਂ ਪਹਿਲਾਂ ਇਹ ਨਾਟਕ ਪਾਠ ਅੰਮ੍ਰਿਤਸਰ, ਦਿੱਲੀ ਤੇ ਕੋਹਲਾਪੁਰ ਤੋਂ ਇਲਾਵਾ ਕੈਨੇਡਾ ਵਿੱਚ ਵੀ ਹੋ ਚੁੱਕਾ ਹੈ।

ਅੱਜ ਦੇਵਿੰਦਰ ਦਮਨ ਪੜ੍ਹਨਗੇ ਵਿਸ਼ਵ ਰੰਗਮੰਚ ਦਿਵਸ ਦਾ ਸੰਦੇਸ਼

ਯੂਨੈਸਕੋ ਨੇ 1962 ਤੋਂ ਵਿਸ਼ਵ ਰੰਗਮੰਚ ਦਿਵਸ ਮਨਾਏ ਜਾਣ ਦੀ ਪਰੰਪਰਾ ਦਾ ਆਗਾਜ਼ ਪੈਰਿਸ ਤੋਂ ਕੀਤਾ ਸੀ। ਇਸ ਦਿਨ ਕੌਮਾਂਤਰੀ ਪੱਧਰ ਦੇ ਨਾਟਕਕਾਰ, ਅਦਾਕਾਰ, ਨਿਰਦੇਸ਼ਕ ਜਾਂ ਰੰਗਮੰਚ ਦੇ ਕਿਸੇ ਵੀ ਹੋਰ ਪੱਖ ਦੀ ਮੁਹਾਰਤ ਰੱਖਣ ਵਾਲੀ ਸ਼ਖ਼ਸੀਅਤ ਦਾ ਸੰਦੇਸ਼ ਵਿਸ਼ਵ ਪੱਧਰ ’ਤੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਜਾਰੀ ਕੀਤਾ ਜਾਂਦਾ ਹੈ। ਇਸ ਵਾਰ ਦੇ ਸੰਦੇਸ਼ ਲਈ ਪੈਰਿਸ ਕੇਂਦਰਤ ਅਦਾਕਾਰਾ ਦੀ ਚੋਣ ਕੀਤੀ ਗਈ ਹੈ, ਜਿਸਦਾ ਪੰਜਾਬੀ ਅਨੁਵਾਦ ਨਾਟਕਕਾਰ ਦੇਵਿੰਦਰ ਦਮਨ ਪੜ੍ਹਨਗੇ ਤੇ ਇਸਦੇ ਨਾਲ਼ ਹੀ ਵਿਸ਼ਵ ਰੰਗਮੰਚ ਦਿਵਸ ਦੇ ਇਤਿਹਾਸ ਤੇ ਮਹੱਤਵ ਸਬੰਧੀ ਵਿਚਾਰ ਵੀ ਸਾਂਝੇ ਕਰਨਗੇ। ਇਸ ਤੋਂ ਸਿਵਾ ਸਥਾਨਕ ਟੀਮਾਂ ਦੇ ਕਲਾਕਾਰ ਆਪੋ-ਆਪਣੇ ਤਜੁਰਬੇ ਸਾਂਝੇ ਕਰਨਗੇ, ਤਾਂਕਿ ਰੰਗਮੰਚ ਦਾ ਵਿਕਸਤ ਮੁਹਾਂਦਰਾ ਹੋਰ ਵੀ ਨਿਖਾਰਿਆ ਜਾ ਸਕੇ।